ਪ੍ਰਕਾਸ਼ਕ ਅਤੇ ਸਹਿਯੋਗੀ ਲੇਖਕ


ਇੰਦਰਜੀਤ ਕੌਰ 
ਪ੍ਰਕਾਸ਼ਕ, "ਪੰਜਾਬੀ ਲਿਖਤਾਂ "
 

           












                 

            
                 ਪੰਜਾਬੀ ਜ਼ਬਾਨ ਨੂੰ ਪਿਆਰ ਕਰਨ ਵਾਲੇ ਅਤੇ ਇਸ ਨੂੰ ਸਿੱਖਣ ਦੀ ਚਾਹ ਰੱਖਣ ਵਾਲੇ ਸਾਰੇ ਪੰਜਾਬੀ ਅਤੇ ਗ਼ੈਰ-ਪੰਜਾਬੀ ਪਾਠਕਾਂ ਦਾ "ਪੰਜਾਬੀ ਲਿਖਤਾਂ" ਵੱਲੋਂ ਨਿੱਘਾ ਸਵਾਗਤ ਕਰਦੀ ਹਾਂ ।
"ਜੀ ਆਇਆਂ ਨੂੰ"   
              ਪੰਜਾਬੀਆਂ ਦੇ ਦਿਲਾਂ ਵਾਂਗ ਖੁੱਲੇ ਇਸ 'ਜੀ ਸਦਕੇ' ਦੇ ਕੁਝ ਅੱਖਰਾਂ ਤੋਂ ਬਾਅਦ ਮੈਂ ਆਪਣੇ ਬਾਰੇ ਅਤੇ ਇਸ ਬਲਾਗ ਬਾਰੇ ਪਾਠਕਾਂ ਨੂੰ ਜਾਣੂ ਕਰਵਾਉਣ ਦਾ ਉਪਰਾਲਾ ਕਰ ਰਹੀ ਹਾਂ । 

              ਮੈਂ ਆਪਣੀ ਜਿੰਦਗੀ ਦੇ ਪਿਛਲੇ 50 ਕੁ ਵਰ੍ਹਿਆਂ ਤੋਂ ਪੰਜਾਬੀ ਜ਼ਬਾਨ ਨਾਲ ਕਈ ਰੂਪਾਂ ਵਿੱਚ ਜੁੜੀ ਰਹੀ ਹਾਂ - ਪੰਜਾਬ ਵਿੱਚ ਜਨਮ ਲੈਣ ਕਾਰਨ ਮਾਤ-ਭਾਸ਼ਾ ਦੇ ਰੂਪ ਵਿੱਚ, ਫਿਰ ਇਸ ਭਾਸ਼ਾ ਦੇ ਵਿਦਿਆਰਥੀ ਦੇ ਰੂਪ ਵਿੱਚ, ਉਸ ਤੋਂ ਬਾਅਦ ਪੰਜਾਬੀ ਜ਼ਬਾਨ ਦੇ ਖੋਜ ਕਰਤਾ ਦੇ ਰੂਪ ਵਿੱਚ, ਨਾਲ ਹੀ ਧਰਮ ਦੀ ਚਿਣਗ ਲਾਉਣ ਵਾਲੀ ਮਾਧਿਅਮ ਭਾਸ਼ਾ ਦੇ ਰੂਪ ਵਿੱਚ ਅਤੇ ਅਖੀਰ ਇੱਕ ਵਿਸ਼ਾ ਅਧਿਆਪਕ, ਸ਼ੌਕੀਆ ਲੇਖਕ 'ਤੇ ਵਕਤਾ ਦੇ ਰੂਪ ਵਿੱਚ ਪੰਜਾਬੀ ਵਿਸ਼ੇ ਦੇ ਅਧਿਆਪਨ ਨੂੰ ਕਿੱਤੇ ਦੇ ਰੂਪ ਵਿੱਚ ਅਪਨਾਉਣ ਤੋਂ ਬਾਅਦ ਪੰਜਾਬੀ ਬੋਲੀ ਨਾਲ ਅਧਿਆਪਕ ਅਤੇ ਵਕਤਾ ਦੇ ਤੌਰ ਤੇ ਮੇਰਾ ਪਿਛਲੇ 30 ਕੁ ਸਾਲਾਂ ਦਾ ਰਿਸ਼ਤਾ ਹੈ । 

                ਇਸ ਬਲਾਗ ਨਾਲ ਮੈਂ ਪੰਜਾਬੀ ਲੇਖਨ ਦੇ ਆਪਣੇ ਸ਼ੌਕ ਨੂੰ ਅਮਲੀ ਜਾਮਾ ਪਹਿਨਾਉਣ ਦੀ ਅਤੇ ਨਾਲ ਹੀ ਦੁਨਿਆ ਭਰ ਵਿੱਚ ਰਹਿੰਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਲਿਖੇ ਪੁਰਾਣੇ ਤੇ ਨਵੇਂ ਸਾਹਿਤ ਨਾਲ ਰੂ-ਬ-ਰੂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ 'ਚੋਣਵੀਂ ਸ਼ਬਦਾਵਲੀ' ਪੰਨੇ ਰਾਹੀਂ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਆਮ ਤੌਰ ਤੇ ਨਜ਼ਰ ਆਉਣ ਵਾਲਿਆਂ ਚੀਜ਼ਾਂ ਤਸਵੀਰਾਂ ਦੇ ਰੂਪ ਵਿੱਚ ਦਿਖਾਈਆਂ ਗਈਆਂ ਹਨ । ਇਹ ਪੰਨਾ ਉਨ੍ਹਾਂ ਪੰਜਾਬੀਆਂ (ਖ਼ਾਸ ਤੌਰ ਤੇ ਬੱਚਿਆਂ) ਲਈ ਬਣਾਇਆ ਗਿਆ ਹੈ ਜੋ ਪੰਜਾਬ ਛੱਡ ਵੱਡੇ ਸ਼ਹਿਰਾਂ ਜਾਂ ਹਿੰਦੁਸਤਾਨ ਦੇ ਦੂਸਰੇ ਪ੍ਰਾਂਤਾਂ ਜਾਂ ਦੂਜੇ ਮੁਲਕਾਂ ਵਿੱਚ ਜਾ ਵੱਸੇ ਹਨ ਜਿਸ ਕਾਰਨ ਓਹ ਇੱਕ ਆਮ ਪੰਜਾਬੀ ਦੀ ਜਿੰਦਗੀ ਵਿੱਚ ਸਹਿਜ-ਸੁਭਾ ਵਰਤੇ ਜਾਣ ਵਾਲੇ ਸ਼ਬਦਾਂ ਤੋਂ ਵੀ ਦੂਰ ਹੋ ਗਏ ਹਨ ਉਮੀਦ ਹੈ ਕਿ ਪਾਠਕ ਇਸ ਉਪਰਾਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ

 
            ਤੁਸੀਂ ਇਸ ਬਲਾਗ ਸਬੰਧੀ ਕੋਈ ਵੀ ਜਾਣਕਾਰੀ, ਸੁਝਾਅ, ਜਾਂ ਇਤਰਾਜ਼ ਸਾਡੇ ਸਹਿਯੋਗੀ ਲੇਖਕ ਅਤੇ ਲੋਕ- ਸੰਪਰਕ ਇੰਚਾਰਜ, Dr. Parmar ਕੋਲ ਇਸ ਈ-ਮੇਲ ਪਤੇ 'ਤੇ ਦਰਜ ਕਰਵਾ ਸਕਦੇ ਹੋ: biobasics.mohali@gmail.com


   ਗਗਨਪ੍ਰੀਤ ਸਿੰਘ 
     (ਸਹਿਯੋਗੀ ਲੇਖਕ) 
              ਸ: ਗਗਨਪ੍ਰੀਤ ਸਿੰਘ 'ਪੰਜਾਬੀ ਲਿਖ਼ਤਾਂ' ਦੀ ਟੀਮ ਨਾਲ ਬਤੌਰ ਸਹਿਯੋਗੀ ਲੇਖਕ ਜੁੜੇ ਹੋਏ ਹਨ। ਪੜ੍ਹਨ ਅਤੇ ਗਾਉਣ ਦੇ ਨਾਲ ਨਵੀਆਂ ਤਕਨੀਕੀ ਕਾਢਾਂ ਦਾ ਸ਼ੌਕ ਰਖਣ ਵਾਲੇ ਗਗਨਪ੍ਰੀਤ ਨੇ ਮੁਢਲੀ ਸਿਖਿਆ ਮੈਡੀਕਲ ਵਿਸ਼ਿਆਂ ਨਾਲ ਪੂਰੀ ਕੀਤੀ। ਕੁਝ ਨਵਾਂ ਕਰਦੇ ਅਤੇ ਲਭਦੇ ਰਹਿਣ ਦੀ ਨਿਰੰਤਰ ਭੁਖ ਅਤੇ ਪੰਜਾਬੀ ਸਾਹਿਤ ਵੱਲ ਖਿਚ ਨੇ ਉਨ੍ਹਾਂ ਨੂੰ ਸਾਹਿਤ ਵਿਸ਼ੇ ਦੇ ਨਾਲ-ਨਾਲ ਲੋਕ ਪ੍ਰਸ਼ਾਸਨ ਵਿਸ਼ੇ ਨੂੰ ਆਪਣੀ ਉਚੇਰੀ ਪੜ੍ਹਾਈ ਦਾ ਆਧਾਰ ਬਣਾਉਣ ਲਈ ਪ੍ਰੇਰਿਤ ਕੀਤਾ ਸ: ਗਗਨਪ੍ਰੀਤ ਹੁਰਾਂ ਨੇ ਲੋਕ ਪ੍ਰਸ਼ਾਸਨ ਨੂੰ ਕਿੱਤੇ ਵੱਜੋਂ ਅਪਣਾਇਆ ਅਤੇ ਹੁਣ ਉਹ ਭਾਰਤ ਸਰਕਾਰ ਦੇ ਐਕਸਾਇਜ਼ ਵਿਭਾਗ ਵਿਚ ਸੇਵਾ ਨਿਭਾ ਰਹੇ ਹਨ
 

             ਪੰਜਾਬੀ ਸਾਹਿਤ ਨਾਲ ਬਤੌਰ ਸਿਖਿਆਰਥੀ ਜੁੜੇ ਹੋਣ ਕਾਰਣ ਅਤੇ ਕੁਝ ਪਰਿਵਾਰਿਕ ਮਾਹੌਲ ਸਦਕਾ ਗੁਰਮੁਖੀ ਦੇ ਬੋਲਾਂ ਦੀ ਖਿਚ ਉਨ੍ਹਾਂ ਲਈ ਜਿਵੇਂ ਸੁਭਾਵਕ ਜਿਹਾ ਵਰਤਾਰਾ ਸੀ। ਇਸੇ ਖਿਚ ਨੇ ਕੋਰੇ ਕਾਗਜ਼ਾਂ ਨੂੰ ਗਗਨਪ੍ਰੀਤ ਦੀ ਸਿਆਹੀ ਦੇ ਰੰਗਾਂ ਨਾਲ ਰੰਗ ਦਿੱਤਾ ਜਿਸ ਸਦਕਾ 'ਪੰਜਾਬੀ ਲਿਖਤਾਂ' ਨੂੰ ਉਨ੍ਹਾਂ ਨਾਲ ਜੁੜਨ ਦਾ ਮੌਕਾ ਮਿਲਿਆਸ: ਗਗਨਪ੍ਰੀਤ ਸਿੰਘ ਨੇ ਮਿੱਤਰਾਂ ਰਿਸ਼ਤੇਦਾਰਾਂ ਦੇ ਖੁਸ਼ੀ ਦੇ ਪਲਾਂ ਨੂੰ ਮੁਬਾਰਕ ਬਣਾਉਣ ਲਈ ਕੁਝ ਬੋਲੀਆਂ ਗਾਈਆਂ ਜਿਨ੍ਹਾਂ ਨੂੰ ਬਾਅਦ ਵਿਚ ਕਲਮਬੱਧ ਕੀਤਾ, ਉਹੀ ਬੋਲੀਆਂ ਇਸ ਬਲਾਗ ਵਿਚ ਸ਼ਾਮਲ ਕੀਤੀਆਂ ਗਈਆਂ ਹਨ



ਨੋਟ: ਇਸ ਬਲਾਗ ਨਾਲ ਜੁੜੇ ਸਹਿਯੋਗੀ ਲੇਖਕਾਂ ਅਤੇ ਤਕਨੀਕੀ ਅਮਲੇ ਦੀ ਪਾਠਕਾਂ ਨਾਲ ਜਾਣ-ਪਛਾਣ ਛੇਤੀ ਹੀ ਇਸ ਪੰਨੇ ਰਾਹੀਂ ਕਰਵਾਈ ਜਾਵੇਗੀ